ਅੱਜ ਮਿਤੀ 25/7/2018 ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੰਪਾਦਕੀ "ਨੌਜਵਾਨੀ ਦੀ ਉਡਾਰੀ" ਇੱਕ ਬਹੁਤ ਹੀ ਚਿੰਤਾਜਨਕ ਰੁਝਾਨ ਵੱਲ ਇਸ਼ਾਰਾ ਕਰਦਾ ਹੈ। ਸਰਕਾਰੀ ਅਦਾਰਿਆਂ ਨੇ ਤਾਂ ਰੋਜ਼ਗਾਰ ਦੇਣ ਤੋਂ ਬਿਲਕੁਲ ਕੁੱਲ ਹੀ ਪੱਲਾ ਝਾੜ ਲਿਆ ਹੈ। ਬਹੁਤ ਸਾਰੇ ਅਦਾਰਿਆਂ ਵਿੱਚ ਤਾਂ ਰੈਗੂਲੇਟਰੀ ਅਥਾਰਟੀਆਂ ਕ੍ਰਮਚਾਰੀਆਂਂ ਦੀ ਤਨਖ਼ਾਹ ਤੇ ਹੋ ਰਹੇ ਖਰਚਿਆਂ ਨੂੰ ਬਹੁਤ ਜਿਆਦਾ ਕਹਿ ਕੇ ਕ੍ਰਮਚਾਰੀਆਂਂ ਦੀ ਗਿਣਤੀ ਘੱਟ ਕਰਨ ਤੇ ਦਬਾਅ ਪਾਇਆ ਜਾ ਰਿਹਾ ਹੈ । ਸਰਕਾਰੀ ਅਦਾਰਿਆਂ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ ।ਪਿਛਲੇ ਸਮਿਆਂ ਵਿੱਚ ਵੱਖ ਵੱਖ ਅਦਾਰਿਆਂ ਵਿੱਚ ਕੰਮ ਦੀ ਮਾਤਰਾ ਵੀ ਵਧੀ ਹੈ ਪਰ ਕ੍ਰਮਚਾਰੀਆਂਂ ਦੇ ਸੇਵਾ ਨਵਿਰਤ ਹੋਣ ਨਾਲ ਖਾਲੀ ਆਸਾਮੀਆਂ ਦੀ ਗਿਣਤੀ ਵੀ ਵਧ ਰਹੀ ਹੈ । ਤਕਨੀਕੀ ਤਰੱਕੀ ਕਰਕੇ ਬਹੁਤ ਸਾਰੇ ਕੰਮਾਂ ਵਿੱਚ ਮਸ਼ੀਨਰੀ ਨੇ ਵੀ ਬੇਰੋਜਗਾਰੀ ਵਿੱਚ ਵਾਧਾ ਹੀ ਕੀਤਾ ਹੈ। ਜੇ ਬਰੀਕੀ ਨਾਲ ਦੇਖਿਆ ਜਾਵੇ ਤਾਂ ਜੋ ਲੋਕ ਰੁਜ਼ਗਾਰ ਤੇ ਲੱਗੇ ਹੋਏ ਹਨ ਉਹ ਵੀ ਇੱਕ ਤਰ੍ਹਾਂ ਨਾਲ ਤਕਰੀਬਨ ਬੇਰੁਜ਼ਗਾਰ ਹੀ ਹਨ। ਬਹੁਤ ਸਾਰਿਆਂ ਨੂੰ ਤਾਂ ਤਿੰਨ ਸਾਲਾਂ ਵਾਸਤੇ ਮੁੱਢਲੀ ਤਨਖਾਹ ਹੀ ਮਿਲਦੀ ਹੈ । ਜਿਸ ਨਾਲ ਗੁਜ਼ਾਰਾ ਮੁਸ਼ਕਲ ਹੈ। ਕਈਆਂ ਨੂੰ ਮਹੀਨਿਆਂ ਬੱਧੀ ਤਨਖਾਹ ਮਿਲ ਹੀ ਨਹੀ ਰਹੀ। ਅਜਿਹੇ ਹਾਲਾਤਾਂ ਵਿੱਚ ਨੌਜਵਾਨੀ ਉਡਾਰੀ ਨਾ ਮਾਰੇ ਤਾਂ ਕਰੇ ਕੀ ? ਇਕੱਲੇ ਨੌਜਵਾਨ ਹੀ ਨਹੀ ਇੱਥੋਂ ਦੇ ਪ੍ਰਬੰਧਕੀ ਢਾਂਚੇ ਅਤੇ ਲਾਲਫੀਤਾ ਸ਼ਾਹੀ ਤੋਂ ਹਰ ਮਨੁੱਖ ਤੰਗ ਹੈ। ਹਰ ਵਿਅਕਤੀ ਇਸ ਤਾਕ ਬੈਠਾ ਹੈ ਕਿ ਮੌਕਾ ਮਿਲੇ ਸਹੀ ਇਥੋਂ ਉਡਾਰੀ ਮਾਰਨੀ ਹੀ ਮਾਰਨੀ ਹੈ। ਸਾਲ 2014 ਤੋਂ ਲੈਕੇ ਹੁਣ ਤੱਕ 23000 ਧਨਾਢ (ਅਰਬਪਤੀ) ਇਸ ਮੁਲਕ ਦੀ ਨਾਗਰਿਕਤਾ ਨੂੰ ਤਿਆਗ ਚੁੱਕੇ ਹਨ। ਧਨਾਢਾਂ ਦੇ ਪਰਵਾਸ ਵਿੱਚ ਭਾਰਤ ਦੁਨੀਆਂ ਭਰ ਵਿੱਚ ਦੂਜੇ ਨੰਬਰ ਤੇ ਹੈ । ਸੋ ਮੁਲਕ ਖਾਸ ਕਰਕੇ ਪੰਜਾਬ ਦੀ ਜੁਆਨੀ ਬੇਰੁਜ਼ਗਾਰੀ ਤੋਂ ਤੰਗ ਆ ਕੇ ਉਡਾਰੀ ਮਾਰ ਰਹੀ ਹੈ ਤੇ ਧਨਾਢ ਜਮਾਤ ਕੁ-ਪ੍ਰਬੰਧ ਤੋਂ ।
Monday, 24 December 2018
ਅਕਾਲੀ ਬਾਦਲ ਤੇ ਮੁਆਫੀ
ਕੱਲ੍ਹ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੇ ਅਕਾਲੀ ਦਲ ਵੱਲੋਂ ਖਿਮਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ "ਅਖੰਡ ਪਾਠ" ਪ੍ਰਕਾਸ਼ ਕਰਵਾਉਣ ਦੀ ਖਬਰ ਛਪੀ ਹੈ। ਮੁਆਫੀ ਲਈ ਅਖੰਡ ਪਾਠ ਕਰਵਾਉਣ ਨਾਲ ਇਹ ਗੱਲ ਤਾਂ ਅਪਣੇ ਆਪ ਹੀ ਸਿੱਧ ਹੋ ਗਈ ਹੈ ਕਿ ਪਾਪ ਤਾਂ ਕੀਤੇ ਹੀ ਨੇ। ਇਹ ਖਬਰ ਤੇ ਅਕਾਲੀ ਦਲ ਦਾ ਵਿਹਾਰ ਚੇਤਨ ਮਨਾਂ ਵਿੱਚ ਬਹੁਤ ਸਾਰੇ ਸਵਾਲ ਖੜਾ ਕਰਦਾ ਹੈ। ਕੀ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਵੱਲੋਂ ਸਤਾ ਦੀ ਲਾਲਸਾ ਵਸ "ਰਾਜੇ ਸੀਹ ਮੁਕਦਮ ਕੁਤੇ" ਵਾਲੇ ਵਿਹਾਰ ਅਤੇ "ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ" ਵਾਲੀ ਮਾਇਆ ਨੂੰ ਇਕੱਠਾ ਕਰਨ ਦਾ ਜੋ "ਅਖੰਡ ਪਾਠ" ਕੀਤਾ ਗਿਆ ਹੈ ਓਹ ਮੁਆਫ ਹੋ ਜਾਊ ? ਜਾਂ ਮੁਆਫ ਕਰਨ ਯੋਗ ਹੈ ? ਮੁਆਫੀ ਤਾਂ ਅਚਨਚੇਤ ਭੁੱਲ ਦੀ ਹੁੰਦੀ ਹੈ । ਕੀ ਲਾਲਚ ਵੱਸ ਗਿਣ ਮਿਥ ਕੇ ਕੀਤੇ ਗਏ ਕੁਕਰਮਾਂ ਲਈ ਵੀ ਕਿਤੇ ਮੁਆਫੀ ਲਈ ਥਾਂ ਹੈ? ਸਿੱਖ ਇਤਿਹਾਸ ਵਿੱਚ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਲਈ ਮੁਆਫੀ ਲਈ ਕੋਈ ਥਾਂ ਨਹੀ। ਗੁਰੂ ਹਰ ਰਾਏ ਜੀ ਨੇ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਰਾਮ ਰਾਏ ਨੂੰ ਮੂੰਹ ਨਹੀ ਲਾਇਆ ਸੀ। ਇੱਥੇ ਤਾਂ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ਗੁਰੂ ਸਾਹਿਬਾਨਾਂ, ਭਗਤਾਂ ਦੀ ਬਾਣੀ ਤੇ ਸਿੱਖੀ ਸਿਧਾਂਤ ਵਿਰਾਜਮਾਨ ਹੈ, ਦੀ ਬੇਅਦਬੀ ਹੋਈ ਹੈ। ਦੂਜਾ ਅਕਾਲੀ ਦਸ਼ਮੇਸ਼ ਪਿਤਾ ਜੀ ਦੀ ਬੇਅਦਬੀ ਕਰਨ ਵਾਲੇ ਦੇ ਦਰਬਾਰ ਵਿੱਚ ਵੋਟਾਂ ਖਾਤਰ ਗੋਡਿਆਂ ਪਰਨੇ ਝੂਕੇ ਨੇ। ਵੈਸੇ ਵੀ ਅਕਾਲੀ ਦਲ ਜਦੋਂ ਸਤ੍ਹਾ ਤੇ ਕਾਬਜ਼ ਸੀ ਤਾਂ ਸਾਰੇ ਦੇ ਸਾਰੇ ਕੰਮ ਗੁਰਬਾਣੀ ਦੀ ਸਿੱਖਿਆ ਤੋਂ ਵਿਪਰੀਤ ਹੀ ਕੀਤੇ ਹਨ। ਲੋਕ ਤਾਂ ਪਤਾ ਨਹੀ ਕੀ ਕਰਨਗੇ ? ਪਰ ਜਾਣ ਬੁੱਝ ਕੇ ਲਾਲਚ ਵੱਸ ਕੀਤੇ ਪਾਪਾਂ ਨੂੰ ਗੁਰੂ ਕਦੇ ਮੁਆਫ ਨਹੀ ਕਰੇਗਾ । ਜੇ ਉੱਜੜ ਰਹੇ ਪੰਜਾਬ ਨੂੰ ਥੋੜਾ ਬਹੁਤ ਵਸਦਾ ਰੱਖਣਾ ਅਤੇ ਜਿਹੜੇ ਲੋਕ ਪੰਜਾਬ ਵਿੱਚ ਰਹਿਣ ਨੂੰ ਬੇਬਸ ਨੇ ਉਹਨਾਂ ਨੂੰ ਇਹ ਗੱਲ ਚੇਤੇ ਰੱਖਣੀ ਪਊ ਕਿ ਗੁਰੂ ਜੀ ਨੇ ਕਿਹਾ ਹੈ ਕਿ "ਗੁਰੂ ਵੀਹ ਵਿਸਵੇ ਤੇ ਸੰਗਤ ਇੱਕੀ ਵਿਸਵੇ।" ਲੋਕਾਂ ਵਿੱਚ ਰੱਬ ਵਸਦਾ। ਅਕਾਲੀ ਹੀ ਨਹੀ ਗੁਨਾਹਗਾਰ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਲੋਕਾਂ ਨੂੰ ਵੀ ਇਨਸਾਫ ਇੱਕੀ ਵਿੱਸਵੇ ਬਣ ਕੇ ਗੁਰੂ ਹਰ ਰਾਏ ਸਾਹਿਬ ਜੀ ਵਾਂਗੂੰ ਹੀ ਕਰਨਾ ਚਾਹੀਦਾ ।
ਇਤਿਹਾਸ ਤੇ ਇਤਿਹਾਸਕਾਰ
ਐਤਵਾਰ ਦਾ ਸੰਪਾਦਕੀ "ਇਤਿਹਾਸ ਅਤੇ ਇਤਿਹਾਸਕਾਰ" ਪਾਠਕਾਂ ਨੂੰ ਇਤਿਹਾਸ ਪੜ੍ਹ ਕੇ ਬੀਤੀਆਂ ਘਟਨਾਵਾਂ ਤੇ ਅਪਣੀ ਰਾਇ ਪੱਕੀ ਕਰਨ ਸੰਬੰਧੀ ਸੁਚੇਤ ਕਰਦਾ ਹੈ। ਆਮ ਤੌਰ ਤੇ ਅਸੀਂ ਜ਼ੁਬਾਨੀ ਸੁਣੀਆਂ ਕਥਾ ਕਹਾਣੀਆਂ ਅਤੇ ਨੇਤਾਵਾਂ ਵੱਲੋਂ ਦਿੱਤੇ ਭਾਸ਼ਣਾਂ ਨੂੰ ਹੀ ਇਤਿਹਾਸਕ ਸਚਾਈ ਮੰਨ ਲੈਂਦੇ ਹਾ। ਜਿਵੇਂ ਕਿ ਸੰਪਾਦਕੀ ਵਿੱਚ ਸਿਧਾਂਤਕਾਰ ਈ. ਐੱਚ. ਕਰ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਇਤਿਹਾਸਕਾਰ ਤਕਰੀਬਨ ਓਹੀ ਕੁੱਝ ਲਿਖਦਾ ਹੈ ਜੋ ਉਸਨੂੰ ਪਸੰਦ ਹੁੰਦਾ ਹੈ ਉਸੇ ਤਰ੍ਹਾਂ ਪਾਠਕ ਜਾਂ ਸਰੋਤਾ ਵੀ ਓਸੇ ਨੂੰ ਸੱਚ ਮੰਨਦਾ ਜਿਸਨੂੰ ਉਸਦਾ ਮਨ ਪਸੰਦ ਕਰਦਾ ਹੈ । ਆਮ ਮਨੁੱਖ ਇਤਿਹਾਸ ਤਾਂ ਕੀ ਵਿਗਿਆਨ ਨੂੰ ਅਪਣੇ ਧਰਮ ਜਾਂ ਅਾਲੇ 'ਚ ਪਸਰੇ ਸਮਾਜ ਦੇ ਸ਼ੀਸ਼ੇ ਵਿੱਚੋਂ ਦੀ ਹੀ ਦੇਖਦਾ ਹੈ। ਉਹ ਵੀ ਵੇਲਾ ਸੀ ਜਦੋਂ ਮਨੁੱਖ ਦੀ ਸ਼ਰਧਾ ਇਹ ਮੰਨਣ ਤੋਂ ਇਨਕਾਰੀ ਸੀ ਵੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਪਰ ਅੱਜ ਇਹ ਇੱਕ ਸਚਾਈ ਹੈ। ਡਾ: ਕਿਰਪਾਲ ਸਿੰਘ ਦੀ ਤਰ੍ਹਾਂ ਬਹੁਤ ਸਾਰੇ ਇਤਿਹਾਸਕਾਰਾਂ ਤੇ ਵਿਗਿਆਨਕਾਂ ਨੂੰ ਮਨੁੱਖ ਦੀ ਸ਼ਰਧਾ ਤੋਂ ਕੁਰਬਾਨ ਹੋਣਾ ਪਿਆ । ਸਪਤਾਹਿਕ "ਅਦਬੀ ਸੰਗਤ" ਵਿੱਚ ਚਰੰਜੀ ਲਾਲ ਕੰਗਣੀਵਾਲ ਦਾ ਲੇਖ "ਮਹਾਨ ਦੇਸ਼ ਭਗਤ ਮੌਲਾਨਾ ਹਸਰਤ ਮੋਹਾਨੀ" ਬਾਰੇ ਜੋ ਜਾਣਕਾਰੀ ਸਾਂਝੀ ਕਰਦਾ ਹੈ ਉਸਤੋਂ ਵੀ ਇਹ ਸਾਫ ਜ਼ਾਹਿਰ ਹੈ ਇਤਿਹਾਸ ਅਤੇ ਇਤਿਹਾਸਕਾਰ ਹਮੇਸ਼ਾ "ਇੱਕ-ਮਿੱਕ" ਨਹੀ ਹੁੰਦੇ। ਇਤਿਹਾਸਕਾਰ ਦੀ ਮਨੋਵਿਰਤੀ "ਜ਼ੀਰੋ" ਨੂੰ "ਹੀਰੋ" ਅਤੇ "ਹੀਰੋ" ਨੂੰ "ਜ਼ੀਰੋ" ਕਰ ਦਿੰਦੀ ਹੈ ।
ਪਿਤਰ ਸਤਾ ਤੇ ਕੁੜੀਆ
28 ਸਤੰਬਰ ਨੂੰ ਸੰਪਾਦਕੀ ਪੰਨੇ ਤੇ ਸਰਬਜੀਤ ਕੌਰ ਦਾ ਪਿੱਤਰ ਸਤਾ, ਯਨੀਵਰਸਟੀਆਂ ਤੇ ਸਮਾਜ ਦੇ ਵਤੀਰੇ ਤੇ ਪੰਜਾਬੀ ਯੂਨੀਵਰਸਿਟੀ ਵਿੱਚ ਕੁੜੀਆਂ ਦੀ 24 ਘੰਟੇ ਹੋਸਟਲ ਨੂੰ ਖੁੱਲਾ ਰੱਖਣ ਦੀ ਮੰਗ ਦੇ ਸੰਬੰਧ ਵਿੱਚ ਲੇਖ ਛਪਿਆ । ਲੇਖ ਦੀ ਭਾਵਨਾ ਸੀ ਕਿ ਔਰਤ ਪਿੰਜਰੇ ਦਾ ਪੰਛੀ ਨਾ ਬਣੀ ਰਹੇ ਅਪਣੇ ਹੱਕਾ ਅਤੇ ਬਰਾਬਰੀ ਦੇ ਅਧਿਕਾਰਾਂ ਖਾਹਿਸ਼ ਰੱਖੇ ਤੇ ਯੂਨੀਵਰਸਿਟੀਆਂ ਉਸਦੀ ਇਸ ਖਾਹਿਸ਼ ਦੀ ਪੂਰਤੀ ਦਾ ਰਾਹ ਦਸੇਰਾ ਹੋ ਸਕਦੀਆਂ ਨੇ। ਏਸੇ ਸੰਬੰਧ ਵਿੱਚ ਅੱਜ 29 ਸਤੰਬਰ ਦੇ ਪੰਜਾਬੀ ਟ੍ਰਿਬਿਊਨ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਇੱਕ ਵਿਦਿਆਰਥੀ ਜਥੇਬੰਦੀ ਵੱਲੋਂ ਇਸ ਮੁੱਦੇ ਤੇ ਸਰਵੇ ਕਰਵਾਇਆ ਗਿਆ ਜਿਸ ਵਿੱਚ 500 ਵਿੱਚੋਂ 450 ਕੁੜੀਆਂ ਨੇ ਇਸਦਾ ਵਿਰੋਧ ਕੀਤਾ। ਖਬਰ ਵਿੱਚ ਲਿਖਿਆ ਗਿਆ ਕਿ ਧਰਨੇ ਵਿੱਚ ਕੁੜੀਆਂ ਨੂੰ ਜਬਰਦਸਤੀ ਭੇਜਿਆ ਜਾ ਰਿਹਾ ਹੈ ਪਰ ਇਸਦੇ ਨਾਲ ਹੀ ਇਸ ਗੱਲ ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਸਰਵੇਖਣ ਮਹਿਜ ਦੂਸਰੀ ਜਥੇਬੰਦੀ ਦੇ ਮੁੱਦੇ ਨੂੰ ਫੇਲ੍ਹ ਕਰਨ ਲਈ ਹੀ ਕਰਵਾਇਆ ਹੋਵੇ । ਇਤਿਹਾਸ ਦੱਸਦਾ ਹੈ ਕਿ ਮੁਲਕ, ਸਮਾਜ ਦਾ ਰਾਹ ਦਸੇਰਾ ਕਰਨ ਵਾਲੇ ਆਮ ਲੋਕ ਨਹੀ ਹੁੰਦੇ ਇਹ ਬਹੁਤ ਹੀ ਥੋੜੇ ਤੇ ਮਹਾਨ ਹੁੰਦੇ ਹਨ। ਜੇ ਅਜ਼ਾਦੀ ਤੋਂ ਪਹਿਲਾਂ ਸਰਵੇਖਣ ਕਰਵਾਉਦੇ ਤਾਂ ਹੋ ਸਕਦਾ ਹੈ ਕਿ ਬਹੁਤੇ ਲੋਕ ਅੰਗਰੇਜ਼ ਰਾਜ ਦੇ ਹੱਕ ਵਿੱਚ ਹੀ ਭੁਗਤ ਜਾਂਦੇ ਕਿਉਕਿ ਬਹੁਗਿਣਤੀ ਨੂੰ ਗੁਲਾਮੀ ਅਤੇ ਆਜ਼ਾਦੀ ਦੇ ਅੰਤਰ ਦਾ ਅਹਿਸਾਸ ਹੀ ਨਹੀ ਸੀ । ਕਹਿਣ ਤੋਂ ਭਾਵ ਕਿ ਕੁੜੀਆਂ ਦੇ ਸਰਵੇਖਣ ਦਾ ਨਤੀਜਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਹੀ ਇਸ ਤਰ੍ਹਾਂ ਦੇ ਸਮਾਜ ਵਿੱਚ ਹੋਇਆ ਹੈ ਕਿ ਉਹਨਾਂ ਨੇ ਅਪਣੇ ਹੱਕ ਅਤੇ ਅਧਿਕਾਰਾਂ ਸੀਮਤ ਕਰ ਲਿਆ ਹੈ।
ਜਿਵੇਂ ਵੀ ਹੋਵੇ ਇਸਤੋਂ ਇੱਕ ਗੱਲ ਸਪਸ਼ਟ ਹੈ ਕਿ ਸਾਡੇ ਸਮਾਜ ਵਿੱਚ ਹਾਲ ਦੀ ਘੜੀ ਔਰਤ ਦੀ ਸੋਚ ਬਰਾਬਰੀ ਦੇ ਹੱਕ ਪਾਉਣ ਦੇ ਮੇਚ ਦੀ ਨਹੀ ਹੋਈ। ਔਰਤ ਨੂੰ ਪਿੱਤਰੀ ਜ਼ਮੀਨ ਦੀ ਬਰਾਬਰ ਦੀ ਹਿੱਸੇਦਾਰ ਹੋਣ ਦਾ ਹੱਕ ਕਿੱਦਣ ਦਾ ਮਿਲਿਆ ਹੋਇਆ ਹੈ ਪਰ ਅੱਜ ਤੱਕ ਕਿਸੇ ਪਿੱਤਰ ਨੇ ਇਹ ਦਿਲੋਂ ਹੀਆਂ ਹੀ ਨਹੀ ਕੀਤਾ ਕਿ ਉਹ ਅਪਣੀ ਜਾਇਦਾਦ ਅਪਣੀ ਕੁੜੀ ਨੂੰ ਦੇ ਦੇਵੇ। ਸਾਡੇ ਸਮਾਜ ਦੀ ਸੋਚ ਨੇ ਔਰਤ ਦੀ ਮਾਨਸਿਕਤਾ ਨੂੰ ਇੱਥੋ ਤੱਕ ਜਕੜ ਰੱਖਿਆ ਹੈ ਕਿ ਉਹ ਅਪਣਾ ਜਾਇਦਾਦ ਦਾ ਹੱਕ ਮੰਗਣਾ ਹੀ ਪਾਪ ਸਮਜਦੀ ਹੈ । ਬਹੁਤ ਹੀ ਥੋੜੀਆਂ ਕੁੜੀਆਂ ਹਨ ਜਿਹੜੀਆਂ ਦਾਜ ਦੀ ਪ੍ਰਥਾ ਦਾ ਵਿਰੋਧ ਕਰਦੀਆਂ । ਜਦੋਂ ਉਹ ਕੁੜੀਆਂ ਹੁੰਦੀਆਂ ਹਨ ਉਦੋਂ ਦਾਜ ਲਿਜਾਦੀਆਂ ਹਨ ਤੇ ਜਦੋਂ ਸੱਸਾ ਤਾ ਦਾਜ ਮੰਗਦੀਆਂ ਹਨ।
ਇਹ ਵੀ ਇੱਕ ਸੁਆਲ ਹੈ ਕਿ ਜੇ ਰਾਤ ਨੂੰ ਕੁੜੀਆਂ ਦੇ ਹੋਸਟਲ ਨੂੰ ਕੁੰਡਾ ਲਾਇਆ ਜਾਂਦਾ ਤਾ ਇਹ ਮੁੰਡਿਆਂ ਦੇ ਹੋਸਟਲ ਨੂੰ ਕਿਉਂ ਨਹੀ ਲਾਇਆ ਜਾਂਦਾ ?
ਜਿਹੜੀਆਂ ਪੇਂਡੂੰ ਕੁੜੀਆਂ ਦੇ ਮਨਾਂ ਦੀ ਜੀਨ ਪਹਿਨਣ ਦੀ ਰੀਜ ਦਿਲ ਵਿੱਚ ਉੱਛਲ ਵੱਟੇ ਲੈਂਦੀ ਰਹਿੰਦੀ ਹੈ ਪਰ ਸਮਾਜ ਦੇ ਡਰੋਂ ਪਾ ਨਹੀ ਸਕਦੀਆਂ ਜਦੋਂ ਉਹ ਆਈਲੈਟ ਕਰਕੇ ਜਹਾਜ਼ ਚੜਨ ਤੋਂ ਪਹਿਲਾ ਦਿੱਲੀ ਦੇ ਰਸਤੇ ਕੂਚ ਕਰਨ ਵੇਲੇ ਹੀ ਉਹਨਾਂ ਦੀਆਂ ਜੀਨਾ ਨੂੰ ਓਹੀ ਸਮਾਜ ਤੇ ਮਾਪੇ ਚਾਈਂ-ਚਾਈਂ ਸਵੀਕਾਰ ਕਰ ਲੈਂਦੇ ਹਨ। ਕਿਉਂ ? ਕਿਉਕਿ ਉਹ ਕਿਸੇ ਹੋਰ ਸਮਾਜ ਵਿੱਚ ਜਾ ਰਹੀਆਂ ਹੁੰਦੀਆਂ ਜਿਸਦੀ ਸੋਚ ਸਾਡੇ ਸਮਾਜ ਤੋਂ ਵੱਖਰੀ ਹੈ । ਸੋ ਔਰਤ ਨੂੰ ਸਰਬਜੀਤ ਕੌਰ ਦੇ ਲੇਖ ਤੱਕ ਉੱਪੜਨ ਲਈ ਇਸ ਸਮਾਜ ਨੂੰ ਹਾਲੇ ਘੱਟੋ ਇੱਕ ਦੋ ਸਦੀਆਂ ਦੀ ਉਡੀਕ ਕਰਨੀ ਪਊਗੀ।
ਪੰਜਾਬੀ ਸਿਨੇਮਾ ਤੇ ਆਮ ਲੋਕ
22 ਦਸੰਬਰ ਦੇ ਸਤਰੰਗ ਵਿੱਚ ਖੁਸ਼ਮਿੰਦਰ ਕੌਰ ਦਾ ਲੇਖ "ਪੰਜਾਬੀ ਸਿਨਮਾ ਚੋ ਮਨਫ਼ੀ ਹੁੰਦੇ ਆਮ ਲੋਕ" ਪੰਜਾਬ ਦੇ ਫਿਲਮ ਨਿਰਮਾਤਾਵਾਂ ਅਤੇ ਨਿਰਦੇਸ਼ਕਾ ਦੀ ਸੋਚ ਉਜਾਗਰ ਕਰਦਾ ਹੈ। ਉਹਨਾਂ ਦੀ ਸਿਨੇਮੇ ਪ੍ਰਤੀ ਪਹੁੰਚ ਨਿਰਾਰਥਕ ਤੇ ਸਿਰਫ ਵਪਾਰਕ ਹੈ। ਹਰ ਇੱਕ ਫਿਲਮ ਹਾਸੇ ਮਜਾਕ ਤੋਂ ਇਲਾਵਾ ਕੁੱਝ ਵੀ ਨਹੀ ਹੁੰਦੀ। ਪੰਜਾਬ ਦੇ ਆਮ ਲੋਕਾਂ ਅਪਣੇ ਢਿੱਡਾਂ ਤੇ ਮਨਾ ਵਿੱਚ ਬੇਰੁਜ਼ਗਾਰੀ, ਕੈਂਸਰ, ਖੁਦਕਸ਼ੀਆਂ, ਪ੍ਰਵਾਸ, ਨਦੀ ਨਾਲਿਆਂ ਦੀ ਗੰਦਗੀ, ਪਾਣੀ ਦੇ ਖਾਤਮੇਂ ਦਾ ਭੈਅ, ਸਰਕਾਰੀ ਦਫਤਰਾਂ 'ਚ ਹੁੰਦੀ ਖੱਜਲ-ਖੁਆਰੀ ਤੇ ਹੋਰ ਪਤਾਂ ਨਹੀ ਕੀ-ਕੀ ਸਮੋਈ ਬੈਠੇ ਹਨ। ਕੀ ਇਹ ਹਾਸੇ ਮਜਾਕ ਵਾਲੀਆਂ ਫਿਲਮਾਂ ਬਣਾ ਕੇ ਇਹਨਾਂ ਦੁੱਖਾਂ ਨਾਲ ਭਰੇ ਢਿੱਡਾ ਵਿੱਚ ਪੀੜਾਂ ਪਾਉਣਾ ਚਾਹੁੰਦੇ ਹਨ ? ਸਾਹਿਤ, ਗੀਤ ਫਿਲਮਾਂ ਮੁਲਕ ਦਾ ਭਵਿੱਖ ਤਹਿ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਦੇ ਨੇ। ਲੈਨਿਨ ਨੇ ਕਿਹਾ, "ਮੈਨੂੰ ਦੱਸੋ ਕਿ ਤੁਹਾਡੇ ਮੁਲਕ ਦੀ ਜਵਾਨੀ ਅਤੇ ਲੋਕਾਂ ਦੇ ਮੂੰਹ ਉੱਤੇ ਕਿਸ ਤਰ੍ਹਾ ਦੇ ਗੀਤ ਨੇ, ਮੈਂ ਤੁਹਾਨੂੰ ਤੁਹਾਡੇ ਮੁਲਕ ਦਾ ਭਵਿੱਖ ਦੱਸ ਦੇਵਾਗਾ"। ਨਵੀ ਪੀੜੀ ਨੂੰ ਕੁਰਾਹੇ ਪੌਣ ਦਾ ਬਹੁਤ ਸਾਰਾ ਕੰਮ ਤਾਂ ਸਾਡੇ ਗਾਇਕਾਂ ਤੇ ਗੀਤ ਕਾਰਾਂ ਨੇ ਕਰ ਦਿੱਤਾ ਹੈ ਰਹਿੰਦੀ ਕਸਰ ਇਹ ਫਿਲਮਾਂ ਵਾਲੇ "ਆਮ ਲੋਕਾਂ" ਦੇ ਦੁੱਖ-ਤਕਲੀਫਾ ਨੂੰ ਫਿਲਮਾਂ ਚੋਂ ਮਨਫੀ ਕਰਕੇ ਪੂਰੀ ਕਰ ਦੇਣਗੇ । ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਉਹ "ਆਮ ਲੋਕਾਂ" ਦੇ ਮਸਲਿਆਂ ਨੂੰ ਸਮਰਪਤ ਫਿਲਮਾਂ ਬਣਾਉਣ ਲਈ ਪਹਿਲ ਕਦਮੀ ਕਰਨ ਤਾਂ ਕਿ ਇਸ ਉੱਲਟੇ ਵਹਿਣ ਨੂੰ ਠੱਲ ਪਾਈ ਜਾ ਸਕੇ।
Subscribe to:
Posts (Atom)

