ਕੱਲ੍ਹ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੇ ਅਕਾਲੀ ਦਲ ਵੱਲੋਂ ਖਿਮਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ "ਅਖੰਡ ਪਾਠ" ਪ੍ਰਕਾਸ਼ ਕਰਵਾਉਣ ਦੀ ਖਬਰ ਛਪੀ ਹੈ। ਮੁਆਫੀ ਲਈ ਅਖੰਡ ਪਾਠ ਕਰਵਾਉਣ ਨਾਲ ਇਹ ਗੱਲ ਤਾਂ ਅਪਣੇ ਆਪ ਹੀ ਸਿੱਧ ਹੋ ਗਈ ਹੈ ਕਿ ਪਾਪ ਤਾਂ ਕੀਤੇ ਹੀ ਨੇ। ਇਹ ਖਬਰ ਤੇ ਅਕਾਲੀ ਦਲ ਦਾ ਵਿਹਾਰ ਚੇਤਨ ਮਨਾਂ ਵਿੱਚ ਬਹੁਤ ਸਾਰੇ ਸਵਾਲ ਖੜਾ ਕਰਦਾ ਹੈ। ਕੀ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਵੱਲੋਂ ਸਤਾ ਦੀ ਲਾਲਸਾ ਵਸ "ਰਾਜੇ ਸੀਹ ਮੁਕਦਮ ਕੁਤੇ" ਵਾਲੇ ਵਿਹਾਰ ਅਤੇ "ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ" ਵਾਲੀ ਮਾਇਆ ਨੂੰ ਇਕੱਠਾ ਕਰਨ ਦਾ ਜੋ "ਅਖੰਡ ਪਾਠ" ਕੀਤਾ ਗਿਆ ਹੈ ਓਹ ਮੁਆਫ ਹੋ ਜਾਊ ? ਜਾਂ ਮੁਆਫ ਕਰਨ ਯੋਗ ਹੈ ? ਮੁਆਫੀ ਤਾਂ ਅਚਨਚੇਤ ਭੁੱਲ ਦੀ ਹੁੰਦੀ ਹੈ । ਕੀ ਲਾਲਚ ਵੱਸ ਗਿਣ ਮਿਥ ਕੇ ਕੀਤੇ ਗਏ ਕੁਕਰਮਾਂ ਲਈ ਵੀ ਕਿਤੇ ਮੁਆਫੀ ਲਈ ਥਾਂ ਹੈ? ਸਿੱਖ ਇਤਿਹਾਸ ਵਿੱਚ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਲਈ ਮੁਆਫੀ ਲਈ ਕੋਈ ਥਾਂ ਨਹੀ। ਗੁਰੂ ਹਰ ਰਾਏ ਜੀ ਨੇ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਰਾਮ ਰਾਏ ਨੂੰ ਮੂੰਹ ਨਹੀ ਲਾਇਆ ਸੀ। ਇੱਥੇ ਤਾਂ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ਗੁਰੂ ਸਾਹਿਬਾਨਾਂ, ਭਗਤਾਂ ਦੀ ਬਾਣੀ ਤੇ ਸਿੱਖੀ ਸਿਧਾਂਤ ਵਿਰਾਜਮਾਨ ਹੈ, ਦੀ ਬੇਅਦਬੀ ਹੋਈ ਹੈ। ਦੂਜਾ ਅਕਾਲੀ ਦਸ਼ਮੇਸ਼ ਪਿਤਾ ਜੀ ਦੀ ਬੇਅਦਬੀ ਕਰਨ ਵਾਲੇ ਦੇ ਦਰਬਾਰ ਵਿੱਚ ਵੋਟਾਂ ਖਾਤਰ ਗੋਡਿਆਂ ਪਰਨੇ ਝੂਕੇ ਨੇ। ਵੈਸੇ ਵੀ ਅਕਾਲੀ ਦਲ ਜਦੋਂ ਸਤ੍ਹਾ ਤੇ ਕਾਬਜ਼ ਸੀ ਤਾਂ ਸਾਰੇ ਦੇ ਸਾਰੇ ਕੰਮ ਗੁਰਬਾਣੀ ਦੀ ਸਿੱਖਿਆ ਤੋਂ ਵਿਪਰੀਤ ਹੀ ਕੀਤੇ ਹਨ। ਲੋਕ ਤਾਂ ਪਤਾ ਨਹੀ ਕੀ ਕਰਨਗੇ ? ਪਰ ਜਾਣ ਬੁੱਝ ਕੇ ਲਾਲਚ ਵੱਸ ਕੀਤੇ ਪਾਪਾਂ ਨੂੰ ਗੁਰੂ ਕਦੇ ਮੁਆਫ ਨਹੀ ਕਰੇਗਾ । ਜੇ ਉੱਜੜ ਰਹੇ ਪੰਜਾਬ ਨੂੰ ਥੋੜਾ ਬਹੁਤ ਵਸਦਾ ਰੱਖਣਾ ਅਤੇ ਜਿਹੜੇ ਲੋਕ ਪੰਜਾਬ ਵਿੱਚ ਰਹਿਣ ਨੂੰ ਬੇਬਸ ਨੇ ਉਹਨਾਂ ਨੂੰ ਇਹ ਗੱਲ ਚੇਤੇ ਰੱਖਣੀ ਪਊ ਕਿ ਗੁਰੂ ਜੀ ਨੇ ਕਿਹਾ ਹੈ ਕਿ "ਗੁਰੂ ਵੀਹ ਵਿਸਵੇ ਤੇ ਸੰਗਤ ਇੱਕੀ ਵਿਸਵੇ।" ਲੋਕਾਂ ਵਿੱਚ ਰੱਬ ਵਸਦਾ। ਅਕਾਲੀ ਹੀ ਨਹੀ ਗੁਨਾਹਗਾਰ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਲੋਕਾਂ ਨੂੰ ਵੀ ਇਨਸਾਫ ਇੱਕੀ ਵਿੱਸਵੇ ਬਣ ਕੇ ਗੁਰੂ ਹਰ ਰਾਏ ਸਾਹਿਬ ਜੀ ਵਾਂਗੂੰ ਹੀ ਕਰਨਾ ਚਾਹੀਦਾ ।
No comments:
Post a Comment