28 ਸਤੰਬਰ ਨੂੰ ਸੰਪਾਦਕੀ ਪੰਨੇ ਤੇ ਸਰਬਜੀਤ ਕੌਰ ਦਾ ਪਿੱਤਰ ਸਤਾ, ਯਨੀਵਰਸਟੀਆਂ ਤੇ ਸਮਾਜ ਦੇ ਵਤੀਰੇ ਤੇ ਪੰਜਾਬੀ ਯੂਨੀਵਰਸਿਟੀ ਵਿੱਚ ਕੁੜੀਆਂ ਦੀ 24 ਘੰਟੇ ਹੋਸਟਲ ਨੂੰ ਖੁੱਲਾ ਰੱਖਣ ਦੀ ਮੰਗ ਦੇ ਸੰਬੰਧ ਵਿੱਚ ਲੇਖ ਛਪਿਆ । ਲੇਖ ਦੀ ਭਾਵਨਾ ਸੀ ਕਿ ਔਰਤ ਪਿੰਜਰੇ ਦਾ ਪੰਛੀ ਨਾ ਬਣੀ ਰਹੇ ਅਪਣੇ ਹੱਕਾ ਅਤੇ ਬਰਾਬਰੀ ਦੇ ਅਧਿਕਾਰਾਂ ਖਾਹਿਸ਼ ਰੱਖੇ ਤੇ ਯੂਨੀਵਰਸਿਟੀਆਂ ਉਸਦੀ ਇਸ ਖਾਹਿਸ਼ ਦੀ ਪੂਰਤੀ ਦਾ ਰਾਹ ਦਸੇਰਾ ਹੋ ਸਕਦੀਆਂ ਨੇ। ਏਸੇ ਸੰਬੰਧ ਵਿੱਚ ਅੱਜ 29 ਸਤੰਬਰ ਦੇ ਪੰਜਾਬੀ ਟ੍ਰਿਬਿਊਨ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਇੱਕ ਵਿਦਿਆਰਥੀ ਜਥੇਬੰਦੀ ਵੱਲੋਂ ਇਸ ਮੁੱਦੇ ਤੇ ਸਰਵੇ ਕਰਵਾਇਆ ਗਿਆ ਜਿਸ ਵਿੱਚ 500 ਵਿੱਚੋਂ 450 ਕੁੜੀਆਂ ਨੇ ਇਸਦਾ ਵਿਰੋਧ ਕੀਤਾ। ਖਬਰ ਵਿੱਚ ਲਿਖਿਆ ਗਿਆ ਕਿ ਧਰਨੇ ਵਿੱਚ ਕੁੜੀਆਂ ਨੂੰ ਜਬਰਦਸਤੀ ਭੇਜਿਆ ਜਾ ਰਿਹਾ ਹੈ ਪਰ ਇਸਦੇ ਨਾਲ ਹੀ ਇਸ ਗੱਲ ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਸਰਵੇਖਣ ਮਹਿਜ ਦੂਸਰੀ ਜਥੇਬੰਦੀ ਦੇ ਮੁੱਦੇ ਨੂੰ ਫੇਲ੍ਹ ਕਰਨ ਲਈ ਹੀ ਕਰਵਾਇਆ ਹੋਵੇ । ਇਤਿਹਾਸ ਦੱਸਦਾ ਹੈ ਕਿ ਮੁਲਕ, ਸਮਾਜ ਦਾ ਰਾਹ ਦਸੇਰਾ ਕਰਨ ਵਾਲੇ ਆਮ ਲੋਕ ਨਹੀ ਹੁੰਦੇ ਇਹ ਬਹੁਤ ਹੀ ਥੋੜੇ ਤੇ ਮਹਾਨ ਹੁੰਦੇ ਹਨ। ਜੇ ਅਜ਼ਾਦੀ ਤੋਂ ਪਹਿਲਾਂ ਸਰਵੇਖਣ ਕਰਵਾਉਦੇ ਤਾਂ ਹੋ ਸਕਦਾ ਹੈ ਕਿ ਬਹੁਤੇ ਲੋਕ ਅੰਗਰੇਜ਼ ਰਾਜ ਦੇ ਹੱਕ ਵਿੱਚ ਹੀ ਭੁਗਤ ਜਾਂਦੇ ਕਿਉਕਿ ਬਹੁਗਿਣਤੀ ਨੂੰ ਗੁਲਾਮੀ ਅਤੇ ਆਜ਼ਾਦੀ ਦੇ ਅੰਤਰ ਦਾ ਅਹਿਸਾਸ ਹੀ ਨਹੀ ਸੀ । ਕਹਿਣ ਤੋਂ ਭਾਵ ਕਿ ਕੁੜੀਆਂ ਦੇ ਸਰਵੇਖਣ ਦਾ ਨਤੀਜਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਹੀ ਇਸ ਤਰ੍ਹਾਂ ਦੇ ਸਮਾਜ ਵਿੱਚ ਹੋਇਆ ਹੈ ਕਿ ਉਹਨਾਂ ਨੇ ਅਪਣੇ ਹੱਕ ਅਤੇ ਅਧਿਕਾਰਾਂ ਸੀਮਤ ਕਰ ਲਿਆ ਹੈ।
ਜਿਵੇਂ ਵੀ ਹੋਵੇ ਇਸਤੋਂ ਇੱਕ ਗੱਲ ਸਪਸ਼ਟ ਹੈ ਕਿ ਸਾਡੇ ਸਮਾਜ ਵਿੱਚ ਹਾਲ ਦੀ ਘੜੀ ਔਰਤ ਦੀ ਸੋਚ ਬਰਾਬਰੀ ਦੇ ਹੱਕ ਪਾਉਣ ਦੇ ਮੇਚ ਦੀ ਨਹੀ ਹੋਈ। ਔਰਤ ਨੂੰ ਪਿੱਤਰੀ ਜ਼ਮੀਨ ਦੀ ਬਰਾਬਰ ਦੀ ਹਿੱਸੇਦਾਰ ਹੋਣ ਦਾ ਹੱਕ ਕਿੱਦਣ ਦਾ ਮਿਲਿਆ ਹੋਇਆ ਹੈ ਪਰ ਅੱਜ ਤੱਕ ਕਿਸੇ ਪਿੱਤਰ ਨੇ ਇਹ ਦਿਲੋਂ ਹੀਆਂ ਹੀ ਨਹੀ ਕੀਤਾ ਕਿ ਉਹ ਅਪਣੀ ਜਾਇਦਾਦ ਅਪਣੀ ਕੁੜੀ ਨੂੰ ਦੇ ਦੇਵੇ। ਸਾਡੇ ਸਮਾਜ ਦੀ ਸੋਚ ਨੇ ਔਰਤ ਦੀ ਮਾਨਸਿਕਤਾ ਨੂੰ ਇੱਥੋ ਤੱਕ ਜਕੜ ਰੱਖਿਆ ਹੈ ਕਿ ਉਹ ਅਪਣਾ ਜਾਇਦਾਦ ਦਾ ਹੱਕ ਮੰਗਣਾ ਹੀ ਪਾਪ ਸਮਜਦੀ ਹੈ । ਬਹੁਤ ਹੀ ਥੋੜੀਆਂ ਕੁੜੀਆਂ ਹਨ ਜਿਹੜੀਆਂ ਦਾਜ ਦੀ ਪ੍ਰਥਾ ਦਾ ਵਿਰੋਧ ਕਰਦੀਆਂ । ਜਦੋਂ ਉਹ ਕੁੜੀਆਂ ਹੁੰਦੀਆਂ ਹਨ ਉਦੋਂ ਦਾਜ ਲਿਜਾਦੀਆਂ ਹਨ ਤੇ ਜਦੋਂ ਸੱਸਾ ਤਾ ਦਾਜ ਮੰਗਦੀਆਂ ਹਨ।
ਇਹ ਵੀ ਇੱਕ ਸੁਆਲ ਹੈ ਕਿ ਜੇ ਰਾਤ ਨੂੰ ਕੁੜੀਆਂ ਦੇ ਹੋਸਟਲ ਨੂੰ ਕੁੰਡਾ ਲਾਇਆ ਜਾਂਦਾ ਤਾ ਇਹ ਮੁੰਡਿਆਂ ਦੇ ਹੋਸਟਲ ਨੂੰ ਕਿਉਂ ਨਹੀ ਲਾਇਆ ਜਾਂਦਾ ?
ਜਿਹੜੀਆਂ ਪੇਂਡੂੰ ਕੁੜੀਆਂ ਦੇ ਮਨਾਂ ਦੀ ਜੀਨ ਪਹਿਨਣ ਦੀ ਰੀਜ ਦਿਲ ਵਿੱਚ ਉੱਛਲ ਵੱਟੇ ਲੈਂਦੀ ਰਹਿੰਦੀ ਹੈ ਪਰ ਸਮਾਜ ਦੇ ਡਰੋਂ ਪਾ ਨਹੀ ਸਕਦੀਆਂ ਜਦੋਂ ਉਹ ਆਈਲੈਟ ਕਰਕੇ ਜਹਾਜ਼ ਚੜਨ ਤੋਂ ਪਹਿਲਾ ਦਿੱਲੀ ਦੇ ਰਸਤੇ ਕੂਚ ਕਰਨ ਵੇਲੇ ਹੀ ਉਹਨਾਂ ਦੀਆਂ ਜੀਨਾ ਨੂੰ ਓਹੀ ਸਮਾਜ ਤੇ ਮਾਪੇ ਚਾਈਂ-ਚਾਈਂ ਸਵੀਕਾਰ ਕਰ ਲੈਂਦੇ ਹਨ। ਕਿਉਂ ? ਕਿਉਕਿ ਉਹ ਕਿਸੇ ਹੋਰ ਸਮਾਜ ਵਿੱਚ ਜਾ ਰਹੀਆਂ ਹੁੰਦੀਆਂ ਜਿਸਦੀ ਸੋਚ ਸਾਡੇ ਸਮਾਜ ਤੋਂ ਵੱਖਰੀ ਹੈ । ਸੋ ਔਰਤ ਨੂੰ ਸਰਬਜੀਤ ਕੌਰ ਦੇ ਲੇਖ ਤੱਕ ਉੱਪੜਨ ਲਈ ਇਸ ਸਮਾਜ ਨੂੰ ਹਾਲੇ ਘੱਟੋ ਇੱਕ ਦੋ ਸਦੀਆਂ ਦੀ ਉਡੀਕ ਕਰਨੀ ਪਊਗੀ।

No comments:
Post a Comment